ਪੇਸ਼ੀ ਭੁਗਤਣ ਆਏ ਰਾਠੌਰ ‘ਤੇ ਕਾਤਲਾਨਾ ਹਮਲਾ
ਚੰਡੀਗੜ 8 ਫਰਵਰੀ (ਪ.ਪ) ਹਰਿਆਣਾ ਦੇ ਸਾਬਕਾ ਡੀ.ਜੀ.ਪੀ. ਐਸ.ਪੀ.ਐਸ. ਰਾਠੌਰ ‘ਤੇ ਅੱਜ ਇਕ ਨੌਜਵਾਨ ਨੇ ਸਥਾਨਕ ਅਦਾਲਤ ਦੇ ਬਾਹਰ ਚਾਕੂ ਨਾਲ ਉਨ੍ਹਾਂ ਦੇ ਚੇਹਰੇ ‘ਤੇ ਤਿੰਨ ਵਾਰ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੇ ਖੂਨ ਨਿਕਲਣ ਲੱਗਿਆ। ਰਾਠੌਰ ਰੁਚਿਕਾ ਗਿਰਹੋਤਰਾ ਛੇੜਛਾੜ ਮਾਮਲੇ ਵਿਚ ਆਪਣੀ ਅਪੀਲ ‘ਤੇ ਸੁਣਵਾਈ ਵਿਚ ਸ਼ਾਮਲ ਹੋਣ ਲਈ ਅਦਾਲਤ ਆਏ ਸਨ। ਦੂਜੇ ਪਾਸੇ ਰੁਚਿਕਾ ਛੇੜਛਾੜ ਮਾਮਲੇ ਦੀ ਮੌਕੇ ਦੀ ਗਵਾਹ ਅਨੁਰਾਧਾ ਨੇ ਲੋਕਾਂ ਨੂੰ ਕਿਹਾ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈਣ। ਉਤਰ ਪ੍ਰਦੇਸ਼ ਦੇ ਵਾਰਾਨਸੀ ਨਿਵਾਸੀ ਉਤਸਵ ਸ਼ਰਮਾ ਨੇ 68 ਸਾਲਾ ਰਾਠੌਰ ਦੀ ਗੱਲ੍ਹ ‘ਤੇ ਚਾਕੂ ਨਾਲ ਹਮਲਾ ਕੀਤਾ। ਖੂਨ ਨਾਲ ਲਥਪਥ ਸਾਬਕਾ ਪੁਲਿਸ ਮੁਖੀ ਨੇ ਕਾਰ ਵਿਚ ਬੈਠਣ ਤੋਂ ਪਹਿਲਾਂ ਆਪਣੇ ਜ਼ਖ਼ਮ ਨੂੰ ਰੁਮਾਲ ਨਾਲ ਢਕ ਲਿਆ। ਹਮਲਾਵਰ ਨੌਜਵਾਨ ਅਹਿਮਦਾਬਾਦ ਤੋਂ ਫ਼ਿਲਮ ਨਿਰਮਾਣ ਦੀ ਸਿਖਲਾਈ ਲੈ ਰਿਹਾ ਹੈ ਅਤੇ ਉਸ ਨੇ ਰਾਠੌਰ ਦੀ ਗੱਲ੍ਹ ‘ਤੇ ਚਾਕੁ ਮਾਰਨ ਲਈ ਆਪਣੇ ਖੱਬੇ ਹੱਥ ਦੀ ਵਰਤੋਂ ਕੀਤੀ ਜਦੋਂ ਕਿ ਸੱਜੇ ਹੱਥ ਨਾਲ ਉਸ ਨੇ ਰਾਠੌਰ ਦੀ ਦੂਜੀ ਗੱਲ੍ਹ ‘ਤੇ ਘਸੁੰਨ ਜੜ ਦਿੱਤੇ। ਉਸ ਨੇ ਰਾਠੌਰ ਦੀ ਬਾਂਹ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਰੌਲੇ ਰੱਪੇ ਦੇ ਚਲਦਿਆਂ ਜਦੋਂ ਉਸ ਨੇ ਅਦਾਲਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਦਬੋਚ ਲਿਆ। ਹਮਲਾਵਰ ਮੀਡੀਆ ਕਰਮਚਾਰੀਆਂ ਵਿਚਾਲੇ ਖੜ੍ਹਾ ਸੀ ਅਤੇ ਖੁਦ ਨੂੰ ਪੱਤਰਕਾਰ ਦੇ ਰੂਪ ਵਿਚ ਪੇਸ਼ ਕਰਦਿਆਂ ਰਾਠੌਰ ਦੀਆਂ ਤਸਵੀਰਾਂ ਖਿੱਚਣ ਦਾ ਦਿਖਾਵਾ ਕਰ ਰਿਹਾ ਸੀ। ਪੱਤਰਕਾਰ ਰਾਠੌਰ ਅਤੇ ਹੋਰਨਾਂ ਨਾਲ ਗੱਲਬਾਤ ਕਰਨ ਲਈ ਅਦਾਲਤ ਤੋਂ ਬਾਹਰ ਉਡੀਕ ਕਰ ਰਹੇ ਸਨ ਕਿਉਂਕਿ ਅਦਾਲਤੀ ਕਾਰਵਾਈ ਬੰਦ ਕਮਰੇ ਵਿਚ ਹੋ ਰਹੀ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਰਾਠੌਰ ਨੂੰ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਦੋਂ ਕਿ ਨੌਜਵਾਨ ਨੂੰ ਨੇੜਲੇ ਸੈਕਟਰ 17 ਦੇ ਪੁਲਿਸ ਥਾਣੇ ਲਿਜਾਇਆ ਗਿਆ।
Posted: February 9th, 2010 under main page.
Comments: none







Write a comment