ਅਮਰੀਕਾ ਦੇ ਇਸ਼ਾਰੇ ‘ਤੇ ਭਾਰਤ ਨੇ ਪਾਕਿ ਨਾਲ ਗੱਲਬਾਤ ਮੁੜ ਤੋਰੀ : ਅਡਵਾਨੀ
ਨਵੀਂ ਦਿੱਲੀ 8 ਫਰਵਰੀ (ਪ.ਪ) ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਸਰਕਾਰ ‘ਤੇ ਅੱਜ ਦੋਸ਼ ਲਗਾਇਆ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿੱਧੇ ਦਬਾਅ ਅਧੀਨ ਉਸ ਨੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਡਵਾਨੀ ਨੇ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਦੌਰਾਨ ਓਬਾਮਾ ਦੀਆਂ ਕੁੱਝ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੰਬਈ ਅਤਿਵਾਦੀ ਹਮਲੇ ਦੇ ਸਾਜਿਸ਼ਕਰਤਾਵਾਂ ਖ਼ਿਲਾਫ਼ ਪਾਕਿਸਤਾਨ ਵਲੋਂ ਕਾਰਵਾਈ ਕੀਤੇ ਜਾਣ ਤੱਕ ਉਸ ਨਾਲ ਗੱਲਬਾਤ ਨਾ ਕਰਨ ਦੇ ਰਵੱਈਏ ਵਿਚ ਯੂ.ਪੀ.ਏ. ਸਰਕਾਰ ਨੇ ਕੀ ਵਾਸ਼ਿੰਗਟਨ ਦੀ ਕੂਹਣੀ ਦੇ ਭਾਰੀ ਧੱਕੇ ਦੇ ਚਲਦਿਆਂ ਯੂ-ਟਰਨ ਲਿਆ ਹੈ? ਭਾਜਪਾ ਸੰਸਦੀ ਪਾਰਟੀ ਦੇ ਪ੍ਰਧਾਨ ਅਡਵਾਨੀ ਨੇ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਕੋਈ ਹੈਰਾਨੀ ਨਹੀਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਪਿਛਲੇ ਸ਼ੁੱਕਰਵਾਰ ਨੂੰ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਖਿੜਖਿੜਾਉਂਦਿਆਂ ਦਾਅਵਾ ਕੀਤਾ ਹੈ ਕਿ ਕੌਮਾਂਤਰੀ ਦਬਾਅ ਹੈ ਜਿਸ ਨੇ ਭਾਰਤ ਨੂੰ ਅੱਗਬਾਤ ਦੀ ਮੇਜ ‘ਤੇ ਆਉਣ ਲਈ ਮਜਬੂਰ ਕੀਤਾ ਹੈ। ਓਬਾਮਾ ਵਲੋਂ 08 ਵਿਚ ਚੋਣਾਂ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਦਾ ਅਡਵਾਨੀ ਨੇ ਜ਼ਿਕਰ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਚੋਣ ਜਿੱਤ ਜਾਣ ‘ਤੇ ਕਸ਼ਮੀਰ ਸੰਕਟ ਦੇ ਹੱਲ ਲਈ ਪਾਕਿਸਤਾਨ ਅਤੇ ਭਾਰਤ ਨਾਲ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਦੋਂ ਓਬਾਮਾ ਨੇ ਕਿਹਾ ਸੀ ਕਿ ਭਾਰਤ ਨੂੰ ਅਸੀਂ ਕਹਾਂਗੇ ਕਿ ਤੁਸੀਂ ਆਰਥਿਕ ਮਹਾਂਸ਼ਕਤੀ ਵਾਲੇ ਹੋ ਅਤੇ ਅਜਿਹੇ ਵਿਚ ਕਸ਼ਮੀਰ ਮੁੱਦੇ ਦਾ ਝਗੜਾ ਕਿਉਂ ਬਣਾਈ ਰੱਖਣਾ ਚਾਹੁੰਦੇ ਹੋ।
Posted: February 9th, 2010 under main page.
Comments: none







Write a comment