ਕਪੂਰਥਲਾ ’ਚ ਉਜਾੜਾ ਰੋਕੂ ਸੰਘਰਸ਼ ਕਮੇਟੀ ਗਠਿਤ,ਨਗਰ ਕੌਂਸਲ ਨੇ 550 ਪਰਿਵਾਰਾਂ ਨੂੰ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ
ਕੈਪਸ਼ਨ : 11 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕਰਦੇ ਹੋਏ ਪ੍ਰਧਾਨ ਧਰਮਪਾਲ ਗਰੋਵਰ, ਉਪਪ੍ਰਧਾਨ ਜਗੀਰ ਸਿੰਘ, ਸਕੱਤਰ ਅਮਰਬੀਰ ਸਿੰਘ ਲਾਲੀ ਅਤੇ ਹੋਰ।
ਕਪੂਰਥਲਾ 9 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਸੁਲਤਾਨਪੁਰ ਰੋਡ, ਸਰਕੂਲਰ ਰੋਡ ਦੇ ਵਸਨੀਕਾਂ ਨੇ ਪੁੱਡਾ ਦੀ ਉਲੰਘਣਾ ਕਰਨ ਬਾਰੇ ਮਿਲੇ ਨੋਟਿਸ ਪਿੱਛੋਂ ਅੱਜ ਹੰਗਾਮੀ ਮੀਟਿੰਗ ਕਰਕੇ ਉਜਾੜਾ ਰੋਕੂ ਸੰਘਰਸ਼ ਕਮੇਟੀ ਕਾਇਮ ਕਰਕੇ ਧੱਕੇਸ਼ਾਹੀ ਵਿਰੁੱਧ ਸ਼ੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਮੰਤਰੀ ਰਘੁਬੀਰ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹੀਰਾ ਲਾਲ ਧੀਰ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਅਸੀਂ ਕਿਸੇ ਦਾ ਵੀ ਨੁਕਸਾਨ ਨਹੀਂ ਹੋਣ ਦੇਵਾਂਗੇ। ਜੇ ਲੋੜ ਪਈ ਤਾਂ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ ਧਿਆਨ ’ਚ ਮਾਮਲਾ ਲਿਆਇਆ ਜਾਵੇਗਾ। ਜਾਣਕਾਰੀ ਦੇ ਅਨੁਸਾਰ ਨਗਰ ਕੌਂਸਲ ਨੇ 550 ਪਰਿਵਾਰਾਂ ਨੂੰ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਪੁੱਡਾ ਦੇ 1995 ਦੇ ਨਿਯਮ ਅਨੁਸਾਰ ਤੁਸੀਂ ਦੁਕਾਨ/ਮਕਾਨ ਦੀ ਬੇਨਿਯਮੀ ਉਸਾਰੀ ਕੀਤੀ ਹੈ। ਜੇ ਤਿੰਨ ਦਿਨਾਂ ਦੇ ਅੰਦਰ-ਅੰਦਰ ਇਸ ਨੋਟਿਸ ਦਾ ਜੁਆਬ ਨਾ ਦਿੱਤਾ ਤਾਂ ਗੈਰ ਕਾਨੂੰਨੀ ਉਸਾਰੀ ਖਤਮ ਕਰ ਦਿੱਤੀ ਜਾਵੇਗੀ। ਇਸ ਪਿੱਛੋਂ ਪੀੜਿਤ ਲੋਕਾਂ ਨੇ 11 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕਰਕੇ ਫੈਸਲਾ ਕੀਤਾ ਗਿਆ ਕਿ ਨਗਰ ਕੋਂਸਲ ਕਪੂਰਥਲਾ ਨੇ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਅਤੇ ਸਬੰਧਿਤ ਰਿਕਾਰਡ ਦੇਖੇ ਜੋ ਨੋਟਿਸ ਜਾਰੀ ਕੀਤੇ ਹਨ ਇਹ ਨਿਰਾਧਾਰ ਹਨ ਅਤੇ ਜਿਹੜਾ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ ਇਹ ਸਿਰੇ ਦੀ ਬੇਇਨਸਾਫੀ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਘਣੀ ਆਬਾਦੀ ਅਤੇ ਕਾਰੋਬਾਰਾਂ ਨੂੰ ਤਬਾਹ ਕਰਕੇ ਸੜਕ ਚੌੜੀ ਕਰਨ ਦੀ ਥਾਂ ਸ਼ਹਿਰ ਦੇ ਬਾਹਰੋ ਬਾਈਪਾਸ ਦੀ ਉਸਾਰੀ ਕਰਨੀ ਚਾਹੀਦੀ ਹੈ। ਸਾਬਕਾ ਮੰਤਰੀ ਰਘੁਬੀਰ ਸਿੰਘ ਨੇ ਵਿਸ਼ਵਾਸ਼ ਦਵਾਇਆ ਕਿ ਕਿਸੇ ਕਿਸਮ ਦੀ ਭੰਨਤੋੜ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਲੋੜ ਪਈ ਤਾਂ ਉਹ ਅੱਗੇ ਹੋ ਕੇ ਕਾਨੂੰਨੀ ਲੜਾਈ ਲੜਣਗੇ। ਨਗਰ ਕੋਂਸਲ ਦੇ ਪ੍ਰਧਾਨ ਨੇ ਕਿਹਾ ਕਿ ਨੋਟਿਸ ਦਾ ਜੁਆਬ ਦੇਣਾ ਚਾਹੀਦਾ ਹੈ ਅਤੇ ਸਾਰਾ ਰਿਕਾਰਡ ਦੇਖਣ ਪਿੱਛੋਂ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਅਸਲ ਦੋਸ਼ੀ ਕੌਣ ਹੈ। ਐਕਸ਼ਨ ਕਮੇਟੀ ਦਾ ਪ੍ਰਧਾਨ ਧਰਮਪਾਲ ਗਰੋਵਰ, ਉਪਪ੍ਰਧਾਨ ਜਗੀਰ ਸਿੰਘ, ਸਕੱਤਰ ਅਮਰਬੀਰ ਸਿੰਘ ਲਾਲੀ, ਕੈਸ਼ਿਅਰ ਰਵੀ ਕੁਮਾਰ ਗੋਇਲ ਆਦਿ ਮੈਂਬਰ ਚੁਣੇ ਗਏ। ਇਸ ਮੌਕੇ ਦਲਜੀਤ ਸਿੰਘ, ਹੰਸਪਾਲ, ਸੁਖਦੇਵ ਸਿੰਘ, ਰਾਜੀਵ ਧੀਰ, ਅਮਰਜੀਤ, ਸੋਨੀ ਭੱਟੀ, ਰਾਜ ਕੁਮਾਰ, ਜੁਝਾਰ ਸਿੰਘ, ਡਾ. ਵਰਿੰਦਰ ਆਨੰਦ, ਗੁਰਜੀਤ ਸਿੰਘ, ਵਰਿੰਦਰ ਕੌਰ, ਸਤੀਸ਼ ਮਹਾਜਨ ਆਦਿ ਸ਼ਾਮਿਲ ਸਨ।
Posted: March 10th, 2010 under main page.
Comments: none







Write a comment