ਸ੍ਰ: ਸੁਰਜੀਤ ਸਿੰਘ ਬਰਨਾਲਾ ਨੂੰ ਅਗਵਾਈ ਕਰਨ ਲਈ ਮਨਾਉਣ ਵਾਸਤੇ ਕਈ ਆਗੂ ਸਰਗਰਮ ਹੋਏ
ਬਰਨਾਲਾ 9 ਮਾਰਚ (ਜਗਸੀਰ ਸਿੰਘ ਸੰਧੂ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਦੇਖਦਿਆਂ ਬਾਦਲ ਵਿਰੋਧੀ ਪੰਥਕ ਧਿਰਾਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਝੰਡੇ ਥੱਲੇ ਇਕੱਤਰ ਕਰਨ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਬਕਾ ਮੁੱਖ ਮੰਤਰੀ ਅਤੇ ਤਾਮਿਲਨਾਡੂ ਦੇ ਮੌਜੂਦਾ ਰਾਜਪਾਲ ਸ੍ਰ: ਸੁਰਜੀਤ ਸਿੰਘ ਬਰਨਾਲਾ ਨਾਲ ਵੱਖ-ਵੱਖ ਅਕਾਲੀ ਨੇਤਾਵਾਂ ਦੀਆਂ ਮੁਲਾਕਾਤਾਂ ਤੋਂ ਬਾਅਦ ਇਸ ਤਰ੍ਹਾਂ ਦੀ ਸੰਭਾਵਨਾ ਦੀਆਂ ਲਗਾਤਾਰ ਖ਼ਬਰਾਂ ਮਿਲ ਰਹੀਆਂ ਹਨ। ਭਾਵੇਂ ਪੰਜਾਬ ਅੰਦਰ ਅਕਾਲੀ ਦਲ (ਦਿੱਲੀ) ਵੱਲੋਂ ਪਰਮਜੀਤ ਸਿੰਘ ਸਰਨਾ ਨੇ ਸਰਗਰਮੀਆਂ ਤੇਜ਼ ਕਰਦੇ ਹੋਏ ਆਪਣੇ ਦਲ ਦੀਆਂ ਇਕਾਈਆਂ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਬਹੁਤ ਆਹਲਾ ਮਿਆਰੀ ਸੂਤਰਾਂ ਅਨੁਸਾਰ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਦਿੱਲੀ ਵਿਖੇ ਪਰਮਜੀਤ ਸਿੰਘ ਨੇ ਸ੍ਰ: ਬਰਨਾਲਾ ਨਾਲ ਮੀਟਿੰਗਾਂ ਦੌਰਾਨ ਇਸੇ ਗੱਲ ’ਤੇ ਜਿਆਦਾ ਜ਼ੋਰ ਦਿੱਤਾ ਕਿ ਇਕ ਸਾਂਝਾ ਪਲੇਟ ਫਾਰਮ ਬਣਾਇਆ ਜਾਵੇ ਜਿਸ ਦੀ ਅਗਵਾਈ ਸ੍ਰ: ਬਰਨਾਲਾ ਆਪ ਕਰਨ। ਇਸੇ ਤਰ੍ਹਾਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਕਹਾਉਂਦੇ ਜਸਵੰਤ ਸਿੰਘ ਮਾਨ ਸਮੇਤ ਦੂਸਰੇ ਕੁਝ ਨੇਤਾਵਾਂ ਨੇ ਵੀ ਸ੍ਰ: ਬਰਨਾਲਾ ਨਾਲ ਮੁਲਾਕਾਤਾਂ ਕਰਕੇ ਅਜਿਹੀ ਰਾਇ ਦਿੱਤੀ ਹੈ। ਸ੍ਰ: ਸੁਰਜੀਤ ਸਿੰਘ ਬਰਨਾਲਾ ਵੱਲੋਂ ¦ਮੀ ਸਿਆਸੀ ਚੁੱਪ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰੇ ਦਿੱਤਾ ਬਿਆਨ ਕਿ ਐਸ.ਜੀ.ਪੀ.ਸੀ. ਬਾਹਰੀ ਪ੍ਰਭਾਵ ਤੋਂ ਮੁਕਤ ਹੋਣੀ ਚਾਹੀਦੀ ਹੈ, ਵਾਰੇ ਵੀ ਸਿਆਸੀ ਹਲਕੇ ਅਨੁਮਾਨ ਲਗਾ ਰਹੇ ਹਨ ਕਿ ਸ੍ਰ: ਬਰਨਾਲਾ ਨੇ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋਣ ਦਾ ਮਨ ਬਣਾ ਲਿਆ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਰਨੇ ਸਮੇਤ ਦੂਸਰੇ ਕਈ ਅਕਾਲੀ ਆਗੂਆਂ ਦੀ ਸਲਾਹ ਹੈ ਕਿ (ਲੌਂਗੋਵਾਲ) ਦਲ ਦਾ ਪ੍ਰਭਾਵ ਜਿਆਦਾਤਰ ਮਾਲਵੇ ਵਿਚ ਹੀ ਹੈ, ਇਸ ਲਈ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਕੇ ਬੀਬੀ ਸੁਰਜੀਤ ਕੌਰ ਬਰਨਾਲਾ ਨੂੰ ਉਸਦਾ ਐਕਟਿੰਗ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਇਸ ਨਾਲ ਪੂਰੇ ਪੰਜਾਬ ਵਿਚੋਂ ਜਿਥੇ ਲੌਂਗੋਵਾਲ ਦਲ ਸਮੇਤ ਹੋਰ ਦਲਾਂ ਦੇ ਵਰਕਰਾਂ ਅਤੇ ਆਗੂਆਂ ਨੂੰ ਇਕ ਝੰਡੇ ਥੱਲੇ ਇਕੱਠਾ ਕਰਨਾ ਸੋਢਾ ਹੋ ਜਾਵੇਗਾ, ਉਥੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮਰਥਕਾਂ ਅਤੇ ਪੈਰੋਕਾਰਾਂ ਲਈ ਸਰਬਹਿੰਦ ਅਕਾਲੀ ਦਲ ਓਪਰਾ ਨਹੀਂ ਹੋਵੇਗਾ। ਦੂਸਰੇ ਪਾਸੇ ਇਸ ਕਵਾਇਦ ਵਿਚ ਸ੍ਰ: ਸਿਮਰਨਜੀਤ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਸ਼ਾਮਲ ਹੋਣਾ ਫਿਲਾਹਲ ਮੁਸ਼ਕਲ ਜਾਪ ਰਿਹਾ ਹੈ ਕਿਉਂਕਿ ਭਾਈ ਰਣਜੀਤ ਸਿੰਘ ਬਾਦਲ ਵਿਰੋਧੀ ਬਣ ਰਹੇ ਪੰਥਕ ਗਠਜੋੜ ਵਿਚ ਪਰਮਜੀਤ ਸਿੰਘ ਸਰਨਾ ਨੂੰ ਕਦਾਚਿਤ ਦੇਖਣ ਲਈ ਤਿਆਰ ਨਹੀਂ ਹਨ। ਆਉਣ ਵਾਲੇ ਸਮੇਂ ਵਿਚ ਬਾਦਲ ਵਿਰੋਧੀ ਦਲ ਕਿਹੋ ਜਿਹੀ ਰਣਨੀਤੀ ਤੈਅ ਕਰਨਗੇ ਇਸ ਵਾਰੇ ਫਿਲਹਾਲ ਕੁਝ ਵੀ ਮੁਨਾਸਿਬ ਨਹੀਂ ਹੈ, ਪਰ ਇਕ ਗੱਲ ਜਰੂਰ ਹੈ ਕਿ ਜਿਆਦਾਤਰ ਪੰਥਕ ਆਗੂ ਇਹ ਮੰਨ ਰਹੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਐਸ.ਜੀ.ਪੀ.ਸੀ. ਚੋਣਾਂ ਵਿਚ ਕਰੜੀ ਟੱਕਰ ਦੇਣ ਲਈ ਸ੍ਰ: ਸੁਰਜੀਤ ਸਿੰਘ ਬਰਨਾਲਾ ਵੱਡੀ ਸਮਰੱਥਾ ਰੱਖਦੇ ਹਨ, ਸਾਇਦ ਇਸੇ ਗੱਲ ਨੂੰ ਮੁੱਖ ਰਖਦਿਆਂ ਬਹੁਤੇ ਆਗੂਆਂ ਦਾ ਜ਼ੋਰ ਸ੍ਰ: ਬਰਨਾਲਾ ਨੂੰ ਅਗਵਾਈ ਕਰਨ ਲਈ ਮਨਾਉਣ ਵਿਚ ਲੱਗ ਰਿਹਾ ਹੈ। ਇਸ ਕਵਾਇਦ ਨੂੰ ਅੱਗੇ ਤੋਰਨ ਲਈ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਚੋਣਾਂ ਲੜਨ ਵਾਸਤੇ ਮਸਕਾਂ ਤੇਜ਼ ਹੋ ਰਹੀਆਂ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੀਟਾਂ ਦਾ ਲੈਣ-ਦੇਣ ਕਰਨ ਵਾਰੇ ਸੋਚ ਵਿਚਾਰ ਕਰਦੇ ਪੰਥਕ ਆਗੂ ਹਰ ਹਾਲਤ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਜਿੱਤਣ ਲਈ ਪੂਰੀ ਸੁਹਿਰਦਤਾ ਨਾਲ ਇਸ ਗੱਲ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਕਿ ਬਾਕੀ ਦੇ ਦਲ ਇਕ ਪ੍ਰਧਾਨ, ਇਕ ਵਿਧਾਨ ਤੇ ਇਕ ਨਿਸ਼ਾਨ ਦੇ ਫਾਰਮੂਲੇ ’ਤੇ ਅਮਲ ਕਰਨ ਲਈ ਕਿਵੇਂ ਰਾਜੀ ਕੀਤੇ ਜਾ ਸਕਦੇ ਹਨ।
Posted: March 10th, 2010 under main page.
Comments: none







Write a comment