ਸਿੱਖਿਆ ਬੋਰਡ ਵੱਲੋਂ ਜਨਮ ਤਰੀਕਾਂ ਦੀ ਮੰਗ ਨੂੰ ਲੈ ਕੇ ਓਪਨ ਸਕੂਲਾਂ ਦੇ ਰੋਲ ਨੰਬਰ ਰੋਕੇ
ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਰੋਲ ਨੰਬਰ ਨਾ ਮਿਲਣ ਕਰਕੇ ਕਸੂਤੀ ਸਥਿਤੀ ‘ਚ
ਸ਼ਾਹਕੋਟ 9 ਮਾਰਚ (ਸੁਖਦੀਪ ਸਚਦੇਵਾ) ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਦਾਅਵੇ ਦਿਨੋ-ਦਿਨ ਖੋਖਲੇ ਸਾਬਤ ਹੁੰਦੇ ਜਾ ਰਹੇ ਹਨ, ਜਿਸ ਦੀ ਜਿਊਂਦੀ ਜਾਗਦੀ ਮਿਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਜਮਾਤ ਦੇ ਓਪਨ ਸਕੂਲ ਦੇ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਧੱਕੇਸ਼ਾਹੀ ਤੋਂ ਸਾਬਤ ਹੁੰਦੀ ਹੈ । ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਦੇ ਓਪਨ ਜਮਾਤ ਦੇ ਵਿਦਿਆਰਥੀਆਂ ਦੇ ਫਾਰਮ ਭਰ ਕੇ ਮੋਟੀਆਂ ਫੀਸਾਂ ਲੈ ਕੇ ਜਮ੍ਹਾਂ ਤਾਂ ਕਰ ਲਏ ਗਏ, ਪਰ ਹੁਣ ਪ੍ਰੀਖਿਆਵਾਂ ਦਾ ਸਮਾਂ ਜਿਉਂ ਹੀ ਨਜ਼ਦੀਕ ਆਇਆ ਤਾਂ ਸਿੱਖਿਆ ਬੋਰਡ ਨੇ ਜਨਮ ਤਰੀਕਾਂ ਬਾਰੇ ਸਬੂਤ ਮੰਗ ਕੇ ਵਿਦਿਆਰਥੀਆਂ ਨੂੰ ਕਸੂਤੀ ਸਥਿਤੀ ਵਿੱਚ ਪਾ ਕੇ ਰੱਖ ਦਿੱਤਾ ।ਬਹੁਤ ਸਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਓਪਨ ਸਕੂਲ ਰਾਹੀਂ ਦੱਸਵੀਂ ਦੀ ਪ੍ਰੀਖਿਆ ਦੇਣ ਲਈ ਪੈਸੇ ਇਕੱਠੇ ਕਰਕੇ ਦਾਖਲਾ ਭਰਿਆ ਸੀ ਕਿਉਂਕਿ ਅਸੀਂ ਘਰੋਂ ਗਰੀਬ ਹੋਣ ਕਰਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਾਂ । ਜਿਸ ਕਾਰਨ ਸਾਡੇ ਲਈ ਰੈਗੂਲਰ ਪੜ੍ਹਾਈ ਕਰਨਾ ਸੰਭਵ ਨਹੀਂ। ਉਨ੍ਹਾਂ ਦੱਸਿਆ ਕਿ 16 ਮਾਰਚ ਤੋਂ ਬੋਰਡ ਦੀ ਸਲਾਨਾ ਪ੍ਰੀਖਿਆ ਸ਼ੁਰੂ ਹੋ ਰਹੀ ਹੈ, ਜਿਸ ਲਈ ਅਸੀਂ ਆਪਣੇ ਰੋਲ ਨੰਬਰ ਲੈ ਲਈ ਪ੍ਰੀਖਿਆ ਕੇਂਦਰਾਂ ਵਿੱਚ ਗਏ ਤਾਂ ਸਾਨੂੰ ਪਤਾ ਲੱਗਾ ਕਿ ਸਾਡੇ ਰੋਲ ਨੰਬਰ ਸਿੱਖਿਆ ਬੋਰਡ ਵੱਲੋਂ ਰੋਕ ਲਏ ਗਏ। ਜਦੋਂ ਇਸ ਸਬੰਧੀ ਅਸੀਂ ਕਾਰਨ ਪੁੱਛਿਆ ਤਾਂ ਕੇਂਦਰ ਮੁਖੀਆਂ ਨੇ ਦੱਸਿਆ ਕਿ ਬੋਰਡ ਨੇ ਉਨ੍ਹਾਂ ਕੋਲੋਂ ਜਨਮ ਤਰੀਕ ਦੇ ਸਰਟੀਫਿਕੇਟਾਂ ਦੀ ਮੰਗ ਕੀਤੀ ਹੈ । ਵਿਦਿਆਰਥੀਆ ਨੇ ਦੱਸਿਆ ਕਿ ਅਸੀਂ ਦਾਖਲਾ ਭਰਨ ਸਮੇਂ ਜਨਮ ਤਰੀਕ ਦੇ ਸਬੂਤ ਵਜੋਂ ਹਲਫੀਆ ਬਿਆਨ, ਪੰਜਵੀਂ ਜਮਾਤ ਦੇ ਸਰਟੀਫਿਕੇਟਾਂ ਦੀਆਂ ਕਾਪੀਆਂ, ਸਕੂਲ ਛੱਡਣ ਦੇ ਸਰਟੀਫਿਕੇਟ ਆਦਿ ਲਗਾਏ ਸਨ। ਇਸ ਦੇ ਬਾਵਜੂਦ ਵੀ ਬੋਰਡ ਨੇ ਸਾਡੇ ਰੋਲ ਨੰਬਰ ਕਿਉਂ ਰੋਕ ਲਏ । ਉਨ੍ਹਾਂ ਦੱਸਿਆ ਕਿ ਸਾਡੇ ਕੋਲ ਜਨਮ ਤਰੀਕ ਸਬੰਧੀ ਸਰਟੀਫਿਕੇਟ ਇਸ ਵਕਤ ਨਹੀਂ ਹਨ, ਜੇਕਰ ਉਹ ਸਰਟੀਫਿਕੇਟ ਅਸੀਂ ਲੈਣਾ ਵੀ ਚਾਹੀਏ ਤਾਂ ਉਸ ਲਈ ਕਰੀਬ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਲੱਗੇਗਾ। ਜਦ ਕਿ ਪ੍ਰੀਖਿਆ ਵਿੱਚ ਸਿਰਫ 5 ਦਿਨ ਹੀ ਬਾਕੀ ਰਹਿ ਗਏ ਹਨ ।ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟਾਂ ਦੀ ਮੰਗ ਵਿਦਿਆਰਥੀਆਂ ਲਈ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ ।ਵਿਦਿਆਰਥੀਆਂ ਨੇ ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਰੋਲ ਨੰਬਰ ਤੁਰੰਤ ਜਾਰੀ ਕੀਤੇ ਜਾਣ ਅਤੇ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਬੈਠਣ ਦਿੱਤਾ ਜਾਵੇ । ਇਸ ਸਬੰਧੀ ਜੋ ਵੀ ਜ਼ਰੂਰੀ ਦਸਤਾਵੇਜ ਹੋਣਗੇ, ਉਸ ਨੂੰ ਪ੍ਰਾਪਤ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਜਾਵੇ ।
Posted: March 10th, 2010 under main page.
Comments: none







Write a comment